ਪਲਾਂਟ ਬੰਦ ਨਾ ਕਰਨ ਨਾਲ ਪਾਵਰਕੌਮ ਨੂੰ ਲੱਖਾਂ ਦਾ ਨੁਕਸਾਨ--Punjabi Tribune

Submitted by VK Gupta on Wed, 01/06/2011 - 4:42pm

ਪਲਾਂਟ ਬੰਦ ਨਾ ਕਰਨ ਨਾਲ ਪਾਵਰਕੌਮ ਨੂੰ ਲੱਖਾਂ ਦਾ ਨੁਕਸਾਨ
Posted On June - 1 - 2011

ਬਹਾਦਰਜੀਤ ਸਿੰਘ
ਰੂਪਨਗਰ,31 ਮਈ
ਪਾਵਰਕੌਮ ਵੱਲੋਂ ਰਾਜ ਅੰਦਰ ਬਿਜਲੀ ਦੀ ਮੰਗ ਘਟਣ ਸਮੇਂ ਥਰਮਲ ਪਲਾਂਟਾਂ ਨੂੰ ਬੰਦ ਕਰਨ ਸਮੇਂ ਕਥਿਤ ਤੌਰ ’ਤੇ ਜਲਦੀ ਨਾ ਕੀਤੇ ਜਾਣ ਕਾਰਨ ਪਾਵਰਕੌਮ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਆਏ ਮੀਂਹ ਕਾਰਨ ਬਿਜਲੀ ਦੀ ਮੰਗ ਘਟ ਜਾਣ ਕਾਰਨ ਪਾਵਰਕੌਮ ਵੱਲੋਂ ਰੂਪਨਗਰ ਥਰਮਲ ਪਲਾਂਟ ਦੇ 2 ਯੂਨਿਟ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇਕ ਯੂਨਿਟ ਬੰਦ ਕੀਤਾ ਗਿਆ ਜਦੋਂਕਿ ਬਠਿੰਡਾ ਥਰਮਲ ਪਲਾਂਟ ਦੀ ਬਿਜਲੀ ਉਤਪਾਦਨ ਲਾਗਤ ਵੱਧ ਹੋਣ ਦੇ ਬਾਵਜੂਦ ਇਸ ਥਰਮਲ ਪਲਾਂਟ ਦਾ ਕੋਈ ਵੀ ਯੂਨਿਟ ਬੰਦ ਨਹੀਂ ਕੀਤਾ ਗਿਆ ।
ਪਹਿਲਾਂ 21 ਮਈ ਨੂੰ ਵੀ ਜਦੋਂ ਤੂਫਾਨ ਕਾਰਨ ਲਹਿਰਾ ਮੁਹੱਬਤ ਅਤੇ ਬਠਿੰਡਾ ਥਰਮਲ ਪਲਾਂਟ ਦੇ ਯੂਨਿਟ ਟਰਿੱਪ ਹੋਏ ਸਨ ਤਾਂ ਉਸ ਸਮੇਂ ਰੂਪਨਗਰ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕਰਨ ਤੋਂ ਬਾਅਦ ਬਠਿੰਡਾ ਥਰਮਲ ਪਲਾਂਟ ਦੇ ਦੋ ਯੂਨਿਟ ਚਾਲੂ ਕਰ ਦਿੱਤੇ ਗਏ ।
ਅਧਿਕਾਰਤ ਸੂਤਰਾਂ ਅਨੁਸਾਰ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਕੋਲੇ ਦੀ ਖਪਤ 610 ਗਰਾਮ ਪ੍ਰਤੀ ਯੂਨਿਟ ਹੈ ਅਤੇ ਰੂਪਨਗਰ ਥਰਮਲ ਪਲਾਂਟ ਵਿਚ ਕੋਲੇ ਦੀ ਖਪਤ 660 ਗਰਾਮ ਪ੍ਰਤੀ ਯੂਨਿਟ ਹੈ ਜਦੋਂ ਕਿ ਬਠਿੰਡਾ ਥਰਮਲ ਪਲਾਂਟ ਵਿੱਚ ਸਭ ਤੋਂ ਵੱਧ 740 ਗਰਾਮ ਪ੍ਰਤੀ ਯੂਨਿਟ ਕੋਲੇ ਦੀ ਖਪਤ ਹੁੰਦੀ ਹੈ ।
ਸੂਤਰਾਂ ਅਨੁਸਾਰ ਕੋਲੇ ਦੀ ਖਪਤ ’ਤੇ ਬਠਿੰਡਾ ਥਰਮਲ ਪਲਾਂਟ ਵਿੱਚ 220 ਪੈਸੇ ਪ੍ਰਤੀ ਯੂਨਿਟ ਦਾ ਖਰਚਾ ਹੁੰਦਾ ਹੈ ਜਦੋਂਕਿ ਰੂਪਨਗਰ ਥਰਮਲ ਪਲਾਂਟ ਵਿੱਚ 190 ਪੈਸੇ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ 170 ਪੈਸੇ ਪ੍ਰਤੀ ਯੂਨਿਟ ਖਰਚਾ ਆਉਂਦਾ ਹੈ। ਇੰਝ ਬਠਿੰਡੇ ਵਿੱਚ ਕੋਲੇ ਦੀ ਖਪਤ ਦਾ ਖਰਚਾ ਲਹਿਰਾ ਮੁਹੱਬਤ ਦੇ ਮੁਕਾਬਲੇ 50 ਪੈਸੇ ਪ੍ਰਤੀ ਯੂਨਿਟ ਵੱਧ ਬਣਦਾ ਹੈ । ਪਾਵਰਕੌਮ ਦੇ ਇਕ ਸੀਨੀਅਰ ਇੰਜਨੀਅਰ ਦਾ ਕਹਿਣਾ ਹੈ ਕਿ ਮਹਿੰਗੇ ਪੈਂਦੇ ਬਠਿੰਡਾ ਥਰਮਲ ਪਲਾਂਟ ਦੀ ਬਜਾਏ ਰੂਪਨਗਰ ਥਰਮਲ ਪਲਾਂਟਾਂ ਦੇ ਯੂਨਿਟਾਂ ਨੂੰ ਬੰਦ ਕਰਨਾ ਸਹੀ ਨਹੀਂ ਹੈ।